|
|
ਊਧਮ ਸਿੰਘ ਸ਼ਹੀਦਸ਼ਹੀਦ ਊਧਮ ਸਿੰਘ ਸ਼ਹੀਦ ਊਧਮ ਸਿੰਘ ਊਧਮ ਸਿੰਘ ਦਾ ਨਾਂ ਹਿੰਦੋਸਤਾਨ ਦੇ ਉਚਤਮ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ। ਨਿਮੋਸ਼ੀ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਿਛੋਕੜ ਬਾਰੇ ਕੋਈ ਸਿੱਕੇਬੰਦ ਜਾਣਕਾਰੀ ਨਹੀਂ ਮਿਲਦੀ। ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਬਾਰੇ ਕਈ ਦੰਦ ਕਥਾਵਾਂ ਵਲੈਤ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਪ੍ਰਚਲਤ ਹਨ। ਇਹਦੀ ਢਾਣੀ ਦੇ ਤਕਰੀਬਨ ਸਾਰੇ ਸਾਥੀ-ਬੇਲੀ ਵੀ ਚਲ ਵਸੇ ਹਨ। ਇੱਕਾ ਦੁੱਕਾ ਲਿਖਤਾਂ ਵੀ ਮਿਲਦੀਆਂ ਹਨ। ਪਰ ਇਹ ਵੀ ਪੂਰੀ ਸੂਰੀ ਵਾਕਫੀਅਤ ਪ੍ਰਦਾਨ ਨਹੀਂ ਕਰਦੀਆਂ ਸਗੋਂ ਕੁਝ ਝਲਕਾਰੇ ਹੀ ਪੇਸ਼ ਹੁੰਦੇ ਹਨ। ਹਿੰਦੋਸਤਾਨੀ ਮਜ਼ਦੂਰ ਸਭਾ ਦੇ ਪੁਰਾਣੇ ਸੰਗੀ-ਸਾਥੀ ਦੱਸਦੇ ਹਨ ਕਿ ਊਧਮ ਸਿੰਘ ਨੇ ਆਪ ਭਾਂਵੇ ਮਜ਼ਦੂਰ ਸਭਾ ਦੀ ਮੁਢਲੀ ਕਾਰਗੁਜ਼ਾਰੀ ਵਿਚ ਸਿੱਧੇ ਤੌਰ ਤੇ ਹਿੱਸਾ ਤਾਂ ਨਹੀਂ ਸੀ ਲਿਆ, ਪਰ ਇਸ ਦਾ ਮੁੱਢ ਉਸੇ ਦੀ ਜੁਗਤ ਅਤੇ ਹੱਲਾਸ਼ੇਰੀ ਨਾਲ ਹੀ 1938 ਵਿਚ ਬੱਝਾ ਸੀ। ਇਓਂ ਉਹ ਹਿੰਦੋਸਤਾਨੀ ਮਜ਼ਦੂਰਾਂ ਦੀ ਇੰਗਲੈਂਡ ਵਿਚ ਪਹਿਲੀ ਜਥੇਬੰਦੀ ਦਾ ਵੀ ਪਿਤਾਮਾ ਸੀ। ਪਿੱਛੇ ਜਿਹੇ ਹੀ ਬਰਿਟਿਸ਼ ਸਰਕਾਰ ਨੇ ਊਧਮ ਸਿੰਘ ਬਾਰੇ ਕੁਝ ਦਸਤਾਵੇਜ਼ ਰਲੀਜ਼ ਕੀਤੇ ਹਨ।ਇਹ ਉਸਦੀ ਜ਼ਿੰਦਗ਼ੀ ਦੇ ਆਖਰੀ ਦਿਨਾਂ ਬਾਰੇ ਕੁਝ ਚਾਨਣਾ ਪਾਂਉਦੇ ਹਨ । ਇਹ ਦਸਤਾਵੇਜ਼ ਇੰਡੀਅਨ ਵਰਕਰਜ਼ ਅਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਹੈੱਡ ਆਫਿਸ ਵਿਚ ਪਏ ਹਨ। ਬਿਨਾਂ ਸ਼ੱਕ ਇਹ ਦਸਤਾਵੇਜ਼ ਸਰਕਾਰੀ ਹਨ ਤੇ ਇਹਨਾਂ ਬਾਰੇ ਸਾਡੀ ਸ਼ੰਕਾ ਬਣੀ ਰਹਿ ਸਕਦੀ ਹੈ ਤਾਂ ਵੀ ਇਨ੍ਹਾਂ ਤੇ ਉੱਕਾ ਹੀ ਲੀਕ ਫੇਰ ਦੇਣੀ ਵੀ ਠੀਕ ਨਹੀਂ ਹੈ। ਇਹਨਾਂ ਵਿਚ ਦੁਹਰਾਅ ਵੀ ਕਾਫੀ ਹੈ ਇਸੇ ਕਰਕੇ ਕੁਝ ਚੋਣਵੇਂ ਦਸਤਾਵੇਜ਼ ਹੀ ਪੇਸ਼ ਕੀਤੇ ਹਨ; ਇਹਨਾਂ ਦਸਤਾਵੇਜ਼ ਰਾਹੀਂ ਊਧਮ ਸਿੰਘ ਬਾਰੇ ਸਾਡੀਆਂ ਕੁਝ ਮਨੋਕਲਪਿਤ ਧਾਰਨਾਵਾਂ ਬਾਰੇ ਵੀ ਨਿਬੇੜਾ ਹੋ ਜਾਂਦਾ ਹੈ। ਸੁਖਦੇਵ ਸਿੱਧੂ ਇਹ ਦਸਤਾਵੇਜ਼ ਊਧਮ ਸਿੰਘ ਦੀ ਦਲੇਰੀ ਅਤੇ ਲੋਕਾਂ ਨਾਲ ਪ੍ਰਤੀਬੱਧਤਾ ਦੀ ਤਸਵੀਰ ਤਾਂ ਪੇਸ਼ ਕਰਦੇ ਹਨ, ਪਰ ਜੀਵਨ ਦੇ ਹੋਰ ਪੱਖਾਂ ਤੇ ਬਹੁਤੀ ਰੌਸ਼ਨੀ ਪਾਉਣ ਦੇ ਸਮਰੱਥ ਨਹੀਂ ਹਨ। ਸ਼ਹੀਦ ਦੀ ਸਮੁੱਚੀ ਜ਼ਿੰਦਗੀ ਨੂੰ ਜਾਨਣ ਬੁੱਝਣ ਲਈ ਤਾਂ ਵਡੇਰੇ ਖੋਜ-ਕਾਰਜ ਦੀ ਲੋੜ ਹੈ। ਤਾਂ ਵੀ ਭਾਰਤ ਦੀ ਆਜ਼ਾਦੀ ਅਤੇ ਲੋਕਾਂ ਲਈ ਮਰ ਮਿਟਣ ਵਾਲੇ ਸਾਡੇ ਨਾਇਕ ਬਾਰੇ ਹੋਰ ਜਾਨਣ ਜਾਂ ਸਮਝਣ ਲਈ ਇਹ ਕਿਤਾਬਚਾ ਕੁਝ ਹੱਦ ਤੱਕ ਸਹਾਈ ਹੋ ਸਕਣ ਦੀ ਸਮਰੱਥਾ ਰੱਖੇਗਾ। ਸੁਖਦੇਵ ਸਿੱਧੂ ਬੈੱਡਫੋਰਡ, ਬਰਤਾਨੀਆ ਜੁਲਾਈ 1999 ਸੁਨਾਮ ਭਾਰਤ ਵਿਚ ਜਨਮਿਆ ਗਦਰ ਲਹਿਰ ਦਾ ਘੁਲਾਟੀਆ |